Loading...

ਚਿੱਟਾ ਧਨ

ਲੱਛੂ ਅੱਜ ਦਿਹਾੜੀ ਤੋਂ ਵਾਪਿਸ ਆਉਦਾ ਬਹੁਤ ਖੁਸ਼ ਸੀ। ਕਿਉਂਕਿ ਅੱਜ ਮਾਲਕ ਨੇ ਉਸਦੀਆਂ ਲੱਗੀਆਂ ਦਿਹਾੜੀਆਂ ਦੇ ਪੈਸੇ ਉਸਨੂੰ ਦੇ ਦਿੱਤੇ ਸਨ ।ਉਹ ਹਜ਼ਾਰ ਹਜ਼ਾਰ ਦੇ ਦੋ ਨੋਟਾਂ ਨੂੰ ਮੁੱਠੀ ਵਿੱਚ ਘੁੱਟਕੇ ਘਰ ਦੇ ਰਾਹ ਆਉਦਾ ਇੱਕੋ ਵਾਰ ਦਿਲ ਵਿੱਚ ਕਿੰਨੇ ਹੀ ਅਰਮਾਨ ਜਗਾ ਗਿਆ ਕਿ ਕੱਲ੍ਹ ਤਾਂ ਰੋਡੂ ਦੀ ਮਾਂ ਨੂੰ ਸ਼ਹਿਰੋਂ ਦਵਾਈ ਦਿਵਾਕੇ ਲਿਆਵਾਗਾ ਨਾਲੇ ਇਕੱਠੇ ਹਫ਼ਤੇ ਦਾ ਰਾਸਨ ਲੈ ਆਵਾਗਾ ਜੋ ਪੈਸੇ ਬਚਣਗੇ ਉਹਨਾ ਦੇ ਰੋਡੂ ਨੂੰ ਬੂਟ ਤੇ ਕੋਟੀ ਲਿਆ ਦੇਵਾਗਾ । ਇਹ ਸੋਚਦਾ ਸੋਚਦਾ ਉਹ ਘਰ ਪਹੁੰਚ ਗਿਆ । ਉਸਨੇ ਘਰ ਪਹੁੰਚ ਕੇ ਆਪਨੀ ਖੁਸ਼ੀ ਆਪਣੀ ਪਤਨੀ ਨਾਲ ਵੀ ਸਾਝੀ ਕੀਤੀ ਕਿ ਹੁਣ ਤੂੰ ਫ਼ਿਕਰ ਨਾ ਕਰ ਬਸ ਅੱਜ ਦੀ ਗੱਲ੍ਹ ਹੈ । ਕੱਲ੍ਹ ਤੈਨੂੰ ਸ਼ਹਿਰੋਂ ਦਵਾਈ ਦਿਵਾਕੇ ਲਿਆਵਾਗਾ ਤੂੰ ਠੀਕ ਹੋ ਜਾਵੇਗੀ । ਉਹ ਸਾਰੇ ਰੋਟੀ ਖਾਕੇ ਚਾਂਈ ਚਾਂਈ ਸੌਂ ਗਏ।
ਲੱਛੂ ਸਵੇਰੇ ਚਾਹ ਪੀਕੇ ਘਰੋਂ ਬਾਹਰ ਜਾਦਾ ਹੋਇਆ ਪਤਨੀ ਨੂੰ ਕਹਿ ਗਿਆ ਕਿ ਆਪਾ ਚਲਦੇ ਹਾਂ ਸ਼ਹਿਰ ਮੈਂ ਹੁਣੇ ਆਇਆਂ ਨਾਲ ਵਾਲੇ ਸਾਥੀਆਂ ਨੂੰ ਕਹਿਕੇ ਕਿ ਅੱਜ ਮੈਂ ਦਿਹਾੜੀ ਨੀ ਜਾਵਾਂਗਾ । ਉਹ ਮੁੜਦਾ ਹੋਇਆਂ ਸੱਥ ‘ਚ ਆਕੇ ਰੁੱਕ ਗਿਆ । ਉੱਥੇ ਗੱਲ੍ਹਾਂ ਹੋ ਰਹੀਆਂ ਸਨ ਕਿ ਇਹ ਤਾਂ ਬਹੁਤ ਵਧੀਆ ਹੋਇਆਂ। ਪੰਜ ਸੌ ਤੇ ਹਜ਼ਾਰ ਦੇ ਨੋਟ ਬੰਦ ਹੋ ਗਏ । ਹੁਣ ਆਵੇਗਾ ਕਾਲਾ ਧਨ ਬਾਹਰ ਇਹ ਸੁਣਕੇ ਲੱਛੂ ਝੱਟ ਬੋਲਿਆ । ਹੁਣ ਕੀ ਹੋਵੇਗਾ ਤਾਂ ਲੋਕਾ ਨੇ ਉੱਚੀ ਉੱਚੀ ਹਾਸੜ ਚੁੱਕ ਦਿੱਤਾ ਲਓ ਵੀ ਲੱਛੂ ਨੂੰ ਫ਼ਿਕਰ ਪਹਿਲਾ ਪੈ ਗਿਆ ਤਾਂ ਵਿੱਚੋ ਹੀ ਕੋਈ ਬੋਲਿਆ ਕਿ ਅੱਜ ਬੈਕਾਂ ‘ਚ ਇਹ ਪੁਰਾਣੇ ਨੋਟ ਬਦਲੇ ਜਾਣਗੇ ਤੂੰ ਵੀ ਬਦਲ ਲੈ ਜਾਕੇ ਜਿਹੜਾ ਕਾਲਾ ਧਨ ਦੱਬ ਕੇ ਰੱਖਿਆ ਹੈ । ਲੱਛੂ ਉੱਥੋਂ ਤੇਜ਼ੀ ਨਾਲ ਘਰ ਵੱਲ ਚੱਲ ਪਿਆ ਤੇ ਘਰੋਂ ਪੈਸੇ ਚੁੱਕ ਕੇ ਸ਼ਹਿਰ ਨੂੰ ਜਾਦਾ ਜਾਦਾ ਜਰੂਰੀ ਕੰਮ ਆ ਗਿਆ ਹੁਣੇ ਆਇਆਂ । ਉਹ ਬੈਕ ਮੂਹਰੇ ਲੱਗੀ ਲੰਬੀ ਲਾਈਨ ‘ਚ ਲੱਗ ਗਿਆ । ਉਸਦੇ ਪਾਟੇ ਹੋਏ ਕੱਪੜੇ ਦੇਖਕੇ ਉਸਤੋਂ ਮਗਰ ਮੂਹਰੇ ਵਾਲੇ ਆਪਸ ਵਿੱਚ ਗੱਲ੍ਹਾਂ ਕਰਨ ਲੱਗੇ ਕਿ ਇਸਨੇ ਕਿੱਥੇ ਡਾਕਾ ਮਾਰਿਆ ਏ ਲੱਛੂ ਦੋਨੋਂ ਨੋਟਾ ਨੂੰ ਮੁੱਠੀ ‘ਚ ਘੁੱਟੀ ਖੜ੍ਹਾ ਸੀ। ਜਦੋਂ ਨੂੰ ਉਸਦੀ ਵਾਰੀ ਆਉਣ ਵਾਲੀ ਸੀ ਤਾਂ ਅੰਦਰੋ ਅਵਾਜ਼ ਆਈ ਕੱਲ੍ਹ ਆਇਓ ਕੈਸ਼ ਖ਼ਤਮ ਹੋ ਗਿਆ। ਉਪਰੋਂ ਸੂਰਜ ਵੀ ਢਲ ਗਿਆ ਸੀ ।ਉਹ ਮਸੋਸੇ ਜਿਹੇ ਮਨ ਨਾਲ ਘਰ ਮੁੜਨ ਲੱਗਿਆਂ ਤਾਂ ਪਿੱਛੋ ਅਵਾਜ਼ ਆਈ ਓ ਬਾਈ ਕਿੰਨੇ ਕੁ ਲਈ ਫਿਰਦਾ ਏ ਲਿਆ ਮੈ ਬਦਲ ਦਿੰਦਾਂ ਹਾਂ । ਲੱਛੂ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੋੜ ਗਈ । ਉਸਨੇ ਝੱਟ ਮੁੱਠੀ ਢਿੱਲੀ ਕਰ ਦਿੱਤੀ ਤੇ ਦੋਨੋਂ ਨੋਟ ਸਿੱਧੇ ਜਿਹੇ ਕਰਕੇ ਉਸ ਆਦਮੀ ਵੱਲ ਵਧਾ ਦਿੱਤੇ। ਉਸਨੇ ਦੇਖਕੇ ਕਿਹਾ ਕਿ ਸੌਲਾਂ ਸੌ ਹੀ ਦੇਵਾਗਾ ਤਾਂ ਲੱਛੂ ਨੇ ਪਹਿਲਾ ਨੋਟਾਂ ਵੱਲ ਫਿਰ ਕੱਲ੍ਹ ਦੀ ਦਿਹਾੜੀ ਟੁੱਟਣ ਵਾਰੇ ਤੇ ਘਰ ਵੱਲ ਸੋਚਕੇ ਹਾਂ ‘ਚ ਸਿਰ ਹਿਲਾ ਦਿੱਤਾ ।ਉਸ ਆਦਮੀ ਨੇ ਸੌ ਸੌ ਦੇ ਸੌਲਾਂ ਨੋਟ ਗਿਣਕੇ ਝੱਟ ਲੱਛੂ ਦੇ ਛਾਲਿਆਂ ਨਾਲ ਭਰੇ ਹੱਥਾਂ ਤੇ ਟਿਕਾ ਦਿੱਤੇ । ਲੱਛੂ ਇੱਕ ਲੰਬਾ ਹਾਉਕਾ ਲੈਕੇ ਮੁੱਠੀ ਮੀਚ ਘਰ ਵੱਲ ਚੱਲ ਪਿਆ। ਉਸਨੂੰ ਇੰਝ ਮਹਿਸੂਸ ਹੋ ਰਿਹਾ ਸੀ ।ਜਿਵੇ ਉਸ ਕੋਲ ਵੀ ਇਹ ਕਾਲਾ ਧਨ ਸੀ । ਜਿਹੜਾ ਉਸਦੇ ਖੂਨ ਨਾਲ ਚਿੱਟਾ ਹੋਇਆ ਹੋਵੇ ।

Newsletter

Get our products/news earlier than others, let’s get in touch.