Loading...

ਉੱਡਦੇ ਨਹੀਂ ਉੱਡਣ ਵਾਲੇ ਸੱਪ

ਬੱਚਿਓ, ਐਂਟਾਰਕਟਿਕਾ ਅਤੇ ਹੋਰ  ਬਰਫ਼ਾਨੀ ਖੇਤਰਾਂ ਨੂੰ ਛੱਡ ਕੇ ਵਿਸ਼ਵ ਦੇ ਸਾਰੇ ਭਾਗਾਂ ਵਿੱਚ ਸੱਪ ਵੇਖੇ ਜਾ ਸਕਦੇ ਹਨ, ਸਮੁੰਦਰ ਤੋਂ ਲੈ ਕੇ ਧਰਤੀ ਅਤੇ ਘਣੇ ਜੰਗਲਾਂ ਦੇ ਵਿਸ਼ਾਲ ਦਰੱਖਤਾਂ ਤਕ।
ਬੇਸ਼ੱਕ ਸਮੁੰਦਰ, ਧਰਤੀ ਅਤੇ ਦਰੱਖਤਾਂ  ’ਤੇ ਰਹਿਣ ਵਾਲੇ ਸੱਪਾਂ ਦੀ ਮੂਲ ਸਰੀਰਕ ਬਣਤਰ ਦਾ ਆਧਾਰ ਉਹੀ ਹੈ, ਪਰ ਇਨ੍ਹਾਂ ਨੇ ਆਪਣੇ ਵਿਕਾਸ ਦੇ ਕੁਦਰਤੀ ਸਥਾਨਾਂ ਦੀਆਂ ਪ੍ਰਸਥਿਤੀਆਂ ਅਨੁਸਾਰ ਆਪਣੇ ਰੂਪ ਵਿੱਚ ਪਰਿਵਰਤਨ ਕਰ ਲਿਆ ਹੈ।  ਸਮੁੰਦਰੀ ਸੱਪ ਅੱਛੇ  ਤੈਰਾਕ ਬਣ ਗਏ ਹਨ। ਅੱਜ ਇਨ੍ਹਾਂ ਦੀ ਸਰੀਰਕ ਬਣਤਰ ਅਤੇ ਜਿਊਣ-ਢੰੰਗ ਮੱਛੀਆਂ ਨਾਲ ਮਿਲਦਾ-ਜੁਲਦਾ ਹੈ। ਇਵੇਂ ਹੀ ਧਰਤੀ ਅਤੇ ਜੰਗਲਾਂ ਦੇ ਵਿਸ਼ਾਲ ਦਰੱਖਤਾਂ ’ਤੇ ਰਹਿਣ ਵਾਲੇ ਸੱਪ ਵੀ ਵੱਖ-ਵੱਖ ਸਾਂਚਿਆਂ ਵਿੱਚ ਢਲਣ ਲੱਗੇ।  ਕੁਦਰਤ ਦੇ ਇਸ ਸਿਧਾਂਤ ਨੇ ਹੀ ਵੱਖ-ਵੱਖ ਨਸਲਾਂ ਦੇ ਸੱਪਾਂ ਨੂੰ ਜਨਮ ਦਿੱਤਾ ਹੈ। ਘਣੇ ਜੰਗਲਾਂ ਦੇ ਵਿਸ਼ਾਲ ਦਰੱਖਤਾਂ ਉੱਤੇ ਰਹਿਣ ਦੀ ਮਜਬੂਰੀ ਵਿੱਚੋਂ ਹੀ ਉੱਡਣੇ ਸੱਪਾਂ ਦਾ ਵਿਕਾਸ ਹੋਇਆ ਹੈ ਕਿਉਂਕਿ ਇੱਕ ਦਰੱਖਤ ਤੋਂ ਦੂਸਰੇ ਦਰੱਖਤ ’ਤੇ ਛਾਲ ਮਾਰਨ ਲਈ ਇੱਕ ਖ਼ਾਸ ਤਰ੍ਹਾਂ ਦੀ ਸਰੀਰਕ ਸੋਧ ਦੀ ਲੋੜ ਅਤੇ ਇਵੇਂ ਹੀ ਇੱਕ ਬਹੁਤ ਉੱਚੇ  ਦਰੱਖਤ ਤੋਂ ਧਰਤੀ ਵੱਲ ਦਾ ਸਫ਼ਰ ਤੈਅ ਕਰਨ ਲਈ ਉਡਾਰੀ ਭਰ ਸਕਣ ਵਰਗੀ ਵਿਵਸਥਾ ਦੀ ਲੋੜ ਸੀ।
ਉੱਡਣ ਵਾਲੇ ਸੱਪ ਅਸਲ ਵਿੱਚ ਉੱਡਦੇ ਨਹੀਂ, ਇਹ ਉੱਚੇ ਦਰੱਖਤਾਂ ਦੀਆਂ ਟਾਹਣੀਆਂ ਤੋਂ ਨੀਵੀਆਂ ਟਾਹਣੀਆਂ ਵੱਲ ਹਵਾ ਦੇ ਵਹਾਅ ਨਾਲ ਛਾਲਾਂ ਮਾਰ ਕੇ ਗਲਾਈਡ ਕਰਦੇ ਹਨ। ਇਸ ਕਿਰਿਆ ਲਈ ਪੇਟ ਨੂੰ ਅੰਦਰ ਖਿੱਚਣਾ ਅਤੇ ਪਸਲੀਆਂ ਨੂੰ ਬਾਹਰ ਵੱਲ ਵਧਾਉਣਾ ਪੈਂਦਾ ਹੈ। ਇਸ ਤਰ੍ਹਾਂ ਦਾ ਸਰੀਰਕ ਫੈਲਾਅ ਪੈਰਾਸ਼ੂਟ ਦਾ ਕੰਮ ਕਰਦਾ ਹੈ ਅਤੇ ਸੱਪ ਬਿਨਾਂ ਖੰਭਾਂ ਤੋਂ ਹਵਾ ਵਿੱਚ ਉੱਡਣ ਲੱਗਦਾ ਹੈ। ਕਰਿਸੋਪੀਲੀਆ ਨਾਮਕ ਸੱਪ ਨੂੰ ਦਰੱਖਤ ਤੋਂ 40 ਫੁੱਟ ਦੀ ਉਚਾਈ ਤੋਂ ਛਾਲ ਮਾਰ ਕੇ 150 ਫੁੱਟ ਦੇ ਫਾਸਲੇ ਤਕ ਗਲਾਈਡ ਕਰਦੇ ਵੇਖਿਆ ਗਿਆ ਹੈ। ਇਵੇਂ ਹੀ ਬੋਰਨੀਓ ਦੇ ਜੰਗਲਾਂ ਵਿੱਚ ਪਾਇਆ ਜਾਣ ਵਾਲਾ ਇੱਕ ਉੱਡਣਾ ਸੱਪ ਦਰੱਖਤ ਉਪਰੋਂ 50 ਮੀਟਰ ਹੇਠਾਂ ਤਕ ਉੱਡ ਸਕਦਾ ਹੈ।
ਕੋਈ ਵੀ ਉੱਡਣਾ ਸੱਪ ਉਸ ਹਾਲਤ ਵਿੱਚ ਗਲਾਈਡ ਨਹੀਂ ਕਰ ਸਕਦਾ ਜਦੋਂ ਉਸ ਦਾ ਪੇਟ ਖ਼ੁਰਾਕ ਨਾਲ ਭਰਿਆ ਹੋਵੇ ਜਾਂ ਅੰਡੇ ਦੇਣ ਦਾ ਸਮਾਂ ਹੋਵੇ ਕਿਉਂਕਿ ਗਲਾਈਡ ਕਰਨ ਦੀ ਸਰਗਰਮੀ ਲਈ ਇੱਕ ਖ਼ਾਸ ਤਰ੍ਹਾਂ ਦੇ ਸਰੀਰਕ ਫੈਲਾਅ ਦੀ ਲੋੜ ਹੁੰਦੀ ਹੈ ਅਤੇ ਉਸ ਹਾਲਤ ਵਿੱਚ ਸੱਪ ਲਈ ਅਜਿਹਾ ਕਰ ਸਕਣਾ ਸੰਭਵ ਨਹੀਂ। ਮਲੇਸ਼ੀਆ ਵਾਸੀ ਗੋਲਡਨ ਟ੍ਰੀ ਸਨੇਕ ਉੱਡਣੇ ਸੱਪਾਂ ਵਿੱਚ ਆਪਣੀ ਵਿਸ਼ੇਸ਼ ਥਾਂ ਰੱਖਦਾ ਹੈ। ਜਦੋਂ ਇਹ ਇੱਕ ਦਰੱਖ਼ਤ ਤੋਂ ਦੂਸਰੇ ਦਰੱਖਤ ’ਤੇ ਪਹੁੰਚਣਾ ਚਾਹੁੰਦਾ ਹੈ ਜਾਂ ਧਰਤੀ ’ਤੇ ਉਤਰਨਾ ਚਾਹੁੰਦਾ ਹੈ ਤਾਂ ਇਹ ਇੱਕ ਟਾਹਣੀ ਦੇ ਨਾਲ-ਨਾਲ ਪੂਰੀ ਗਤੀ ਨਾਲ ਦੌੜਦਾ ਹੈ ਅਤੇ ਆਪਣੇ ਆਪ ਨੂੰ ਇਕਦਮ ਹਵਾ ਵਿੱਚ ਸੁੱਟ ਦਿੰਦਾ ਹੈ। ਹਵਾ ਵਿੱਚ ਪ੍ਰਵੇਸ਼  ਕਰਦਿਆਂ ਹੀ ਇਹ ਆਪਣੇ ਸਰੀਰ ਨੂੰ ਫੈਲਾਉਂਦਾ ਹੈ। ਹਵਾ ਵਿੱਚ ਛਾਲ ਮਾਰਨ ਤੋਂ ਬਾਅਦ ਇਹ ਜਿੱਥੇ ਵੀ ਜਾਣਾ ਚਾਹੇ ਉੱਥੋਂ  ਤਕ ਗਲਾਈਡ ਕਰ ਸਕਦਾ ਹੈ।  ਜੇਕਰ ਗਲਾਈਡਿੰਗ ਦੌਰਾਨ ਅਚਾਨਕ ਦਿਸ਼ਾ ਪਰਿਵਰਤਨ ਜ਼ਰੂਰੀ ਬਣ ਜਾਵੇ ਤਾਂ  ਇਹ ਉਪਰ ਹਵਾ ਵਿੱਚ ਹੀ ਆਪਣੇ ਸਰੀਰ ਦੀ ਹਰਕਤ ਰਾਹੀਂ ਕਿਸੇ ਹੱਦ ਤੱਕ ਆਪਣਾ ਰਸਤਾ ਬਦਲ ਸਕਦਾ ਹੈ।
ਦੱਖਣ-ਪੂਰਬ ਏਸ਼ੀਆ ਵਿੱਚ ਗੋਲਡਨ  ਟ੍ਰੀ ਸਨੇਕ ਤੋਂ ਇਲਾਵਾ ਉੱਡਣ ਵਾਲੇ ਸੱਪਾਂ ਦੀਆਂ ਤਿੰਨ ਹੋਰ ਜਾਤੀਆਂ ਮਿਲਦੀਆਂ ਹਨ। ਇਨ੍ਹਾਂ ਵਿੱਚੋਂ ਪੈਰਾਡਾਈਸ ਫਲਾਇੰਗ ਸਨੇਕ ਨਾਮਕ ਸੱਪ ਬਹੁਤ ਚਮਕੀਲਾ ਤੇ ਰੰਗਦਾਰ ਹੈ। ਇਹ ਇੱਕ ਨਿਪੁੰਨ ਤੈਰਾਕ ਅਤੇ ਦਰੱਖਤਾਂ ’ਤੇ ਚੜ੍ਹਨ ਦੀ ਕਲਾ ਵਿੱਚ ਮਾਹਿਰ ਹੈ। ਇਹ ਗਲਾਈਡ ਨਹੀਂ ਕਰ ਸਕਦਾ, ਪਰ ਔਸਤ ਦਰਜੇ ਦੀ ਉੱਚਾਈ ਤੋਂ ਛਾਲ ਮਾਰ ਕੇ ਹੌਲੇ ਜਿਹੇ ਧਰਤੀ ’ਤੇ ਉੱਤਰ ਸਕਦਾ ਹੈ। ਅਜਿਹਾ ਕਰਦਿਆਂ ਇਸ ਦੇ ਸਰੀਰ ਨੂੰ ਕੋਈ ਠੇਸ ਨਹੀਂ ਪਹੁੰਚਦੀ ਕਿਉਂਕਿ ਇਸ ਕਿਰਿਆ ਦੌਰਾਨ ਇਹ ਆਪਣੇ ਸਰੀਰ ਨੂੰ ਚਪਟਾ  ਬਣਾ ਲੈਂਦਾ ਹੈ ਅਤੇ ਕੋਮਲਤਾਪੂਰਵਕ ਧਰਤੀ ਦੀ ਹਿੱਕ ਨਾਲ ਲੱਗ ਜਾਂਦਾ ਹੈ।

Newsletter

Get our products/news earlier than others, let’s get in touch.