Loading...

ਕਿਸ ਪੰਜਾਬੀ ਨੇ ਖਰੀਦੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ

Report By : Jagtar Singh Dhandial

Report By : Jagtar Singh Dhandial

ਚੰਡੀਗੜ੍ਹ: ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਨੂੰ ਨੀਹਾਂ ‘ਚ ਚਿਣ ਦਿੱਤੇ ਜਾਣ ਤੋਂ ਬਾਅਦ ਠੰਢੇ ਬੁਰਜ ‘ਚ ਕੈਦ ਮਾਤਾ ਗੁਜਰੀ ਜੀ ਨੂੰ ਵੀ ਬੁਰਜ ਦੀ ਕੰਧ ਤੋਂ ਧੱਕਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਨ੍ਹਾਂ ਤਿੰਨੇ ਪਵਿੱਤਰ ਦੇਹਾਂ ਨੂੰ ਹਕੂਮਤ ਨੇ ਨੇੜੇ ਵਗਦੀ ਹੰਸਲਾ ਨਦੀ ਦੇ ਕਿਨਾਰੇ ਜੰਗਲ ‘ਚ ਸੁਟਵਾ ਦਿੱਤਾ ਗਿਆ ਸੀ। ਉਸ ਵੇਲੇ ਕਿਸੇ ਦੀ ਜੁਰਅੱਤ ਨਹੀਂ ਸੀ ਕਿ ਹਕੂਮਤ ਦੀ ਆਗਿਆ ਤੋਂ ਬਿਨਾਂ ਦੇਹਾਂ ਦਾ ਅੰਤਿਮ ਸੰਸਕਾਰ ਕਰ ਸਕਦਾ।

ਉਸ ਵੇਲੇ ਸਰਹੰਦ ‘ਚ ਇੱਕ ਇਨਸਾਨ ਐਸਾ ਵੀ ਵੱਸਦਾ ਸੀ ਜਿਸ ਨੇ ਪਵਿੱਤਰ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਸੂਬੇਦਾਰ ਵਜ਼ੀਰ ਖਾਂ ਤੋਂ ਭਰੇ ਦੀਵਾਨ ਵਿੱਚ ਬੇਬਾਕ ਹੋ ਕੇ ਆਗਿਆ ਮੰਗੀ। ਸੂਬੇਦਾਰ ਵਜ਼ੀਰ ਖਾਂ ਆਪਣੀ ਹੀ ਕਚਿਹਰੀ ਦੇ ਦੀਵਾਨ ਦੀ ਇਸ ਮੰਗ ਤੇ ਅੰਦਰੋਂ-ਅੰਦਰੀ ਤੜਪ ਉੱਠਿਆ ਸੀ। ਅਜਿਹੇ ਵਿੱਚ ਉਸ ਨੇ ਦੀਵਾਨ ਟੋਡਰ ਮੱਲ ਸਾਹਮਣੇ ਉਹ ਸ਼ਰਤ ਰੱਖੀ ਜਿਸ ਦਾ ਉਸ ਨੂੰ ਨਾ ਪੂਰੀ ਹੋਣ ਦਾ ਝੂਠਾ ਭਰੋਸਾ ਸੀ।

ਵਜ਼ੀਰ ਖਾਂ ਨੇ ਕਿਹਾ ਕਿ ਜਿੰਨੀ ਜ਼ਮੀਨ ‘ਤੇ ਤਿੰਨਾਂ ਦੇਹਾਂ ਦਾ ਸਸਕਾਰ ਕਰਨਾ ਚਾਹੁੰਦਾ ਹੈ, ਓਨੀ ਜ਼ਮੀਨ ਖਰੀਦਣੀ ਪਵੇਗੀ ਤੇ ਉਸ ਥਾਂ ਦੀ ਕੀਮਤ ਸਾਰੀ ਜਗ੍ਹਾ ‘ਤੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਤਾਰਨੀ ਹੋਵੇਗੀ। ਵਜ਼ੀਰ ਖਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਟੋਡਰ ਮੱਲ ਰੱਖੀ ਸ਼ਰਤ ਮੁਤਾਬਕ ਧਨ ਨਹੀਂ ਦੇ ਸਕੇਗਾ ਪਰ ਉਹ ਕੀ ਜਾਣੇ ਕਿ ਜਿੱਥੇ ਪ੍ਰੇਮ ਤੇ ਨਿਸ਼ਚੇ ਦੀ ਗੱਲ ਆ ਜਾਵੇ ਉੱਥੇ ਅਕਾਲ ਪੁਰਖ ਆਪ ਸਹਾਈ ਹੁੰਦਾ ਹੈ।

ਦੀਵਾਨ ਟੋਡਰ ਮੱਲ ਨੇ ਜ਼ਮੀਨ ਦੀ ਕੀਮਤ ਤਾਰਨ ਲਈ ਪੂਰੀ ਵਾਹ ਲਾ ਦਿੱਤੀ। ਦੀਵਾਨ ਟੋਡਰ ਮੱਲ ਜਿੱਥੇ ਦੌਲਤਮੰਦ ਸਨ, ਉੱਥੇ ਦਿਲ ਦੇ ਵੀ ਅਮੀਰ ਸਨ। ਉਨ੍ਹਾਂ ਨੇ ਮਿਥੀ ਜ਼ਮੀਨ ‘ਤੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਸੂਬੇਦਾਰ ਸਮੇਤ ਸਾਰੇ ਸਰਹੰਦ ਵਾਸੀਆਂ ਨੂੰ ਹੈਰਾਨ ਕਰ ਦਿੱਤਾ। ਜਾਣਕਾਰੀ ਮੁਤਾਬਕ ਦੀਵਾਨ ਸਾਹਬ ਨੇ ਉਸ ਥਾਂ ‘ਤੇ 78000 ਸੋਨੇ ਦੇ ਸਿੱਕੇ ਖੜ੍ਹੇ ਕਰ ਦਿੱਤੇ ਸਨ। ਸੋਨੇ ਦੇ ਭਾਅ ਮੁਤਾਬਕ ਤੇ ਮੋਹਰ ਦੇ ਵਜ਼ਨ ਮੁਤਾਬਕ ਉਹ ਕੀਮਤ ਦੋ ਅਰਬ ਪੰਜਾਹ ਕਰੋੜ ਬਣਦੀ ਸੀ ਤੇ ਜ਼ਮੀਨ ਸਿਰਫ 4 ਸਕੁਏਰ ਮੀਟਰ ਸੀ।

ਵਜ਼ੀਰ ਖਾਨ ਦੰਦ ਕਰੀਚਦਾ ਰਹਿ ਗਿਆ। ਜ਼ਮੀਨ ਖਰੀਦਣ ਉਪਰੰਤ ਦੀਵਾਨ ਟੋਡਰ ਮੱਲ ਤੇ ਸਰਹੰਦ ਵਾਸੀਆਂ ਨੇ ਜੰਗਲ ‘ਚੋਂ ਮ੍ਰਿਤਕ ਦੇਹਾਂ ਨੂੰ ਚੁੱਕ ਕੇ ਰਸਮ ਮੁਤਾਬਕ ਅੰਤਿਮ ਇਸ਼ਨਾਨ ਕਰਵਾਇਆ। ਇੱਕ ਖੂਬਸੂਰਤ ਬਿਬਾਨ ‘ਚ ਸਜਾ ਕੇ ਸਸਕਾਰ ਵਾਲੀ ਥਾਂ ‘ਤੇ ਲੈ ਕੇ ਗਏ। ਜਿੱਥੇ ਜੰਗਲ ਵਿੱਚ ਪਵਿੱਤਰ ਦੇਹਾਂ ਨੂੰ ਬਿਬਾਨ ‘ਚ ਸਜਾਇਆ ਗਿਆ ਸੀ, ਉੱਥੇ ਅੱਜ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਸੁਸ਼ੋਭਿਤ ਹੈ। ਸਸਕਾਰ ਵਾਲੀ ਥਾਂ ‘ਤੇ ਗੁਰਦੁਆਰਾ ਜੋਤੀ ਸਰੂਪ ਸੁਭਾਇਮਾਨ ਹੈ।
ਮ੍ਰਿਤਕ ਦੇਹਾਂ ਦੇ ਅੰਤਿਮ ਸੰਸਕਾਰ ਦੀ ਸੇਵਾ ਸਿਰਫ ਤੇ ਸਿਰਫ ਦੀਵਾਨ ਟੋਡਰ ਮੱਲ ਦੇ ਯਤਨਾਂ ਸਦਕਾ ਹੀ ਸੰਭਵ ਹੋ ਸਕੀ। ਉਸ ਪਰਉਪਕਾਰ ਸਦਕਾ ਸਰਹੰਦ ਦੀ ਉਹ ਸਸਕਾਰ ਵਾਲੀ ਥਾਂ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਦੇ ਰਿਕਾਰਡ ਵਜੋਂ ਕਾਇਮ ਹੈ। ਬੇਸ਼ੱਕ ਦੀਵਾਨ ਟੋਡਰ ਮੱਲ ਮਹਿੰਗੀ ਥਾਂ ਦਾ ਮੁੱਲ ਪਾਉਣ ਵਾਲੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਕਹੇ ਜਾ ਸਕਦੇ ਹਨ।

ਪੰਡਤ ਦੀਵਾਨ ਟੋਡਰ ਮੱਲ ਦਾ ਸਿੱਖ ਕੌਮ ਅੰਦਰ ਬਹੁਤ ਸਤਿਕਾਰ ਹੈ। ਕੁਦਰਤ ਦਾ ਅਜਬ ਵਰਤਾਰਾ ਹੀ ਕਿਹਾ ਜਾ ਸਕਦਾ ਹੈ ਕਿ ਇੱਕ ਪਾਸੇ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਗੁਰੂ ਸਾਹਿਬ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦਾ ਸੀ। ਦੂਜੇ ਪਾਸੇ ਉਸੇ ਕਚਹਿਰੀ ‘ਚ ਦੀਵਾਨ ਵਜੋਂ ਨੌਕਰੀ ਕਰਦੇ ਦੀਵਾਨ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕਰਕੇ ਵੱਡਾ ਪਰਉਪਕਾਰ ਕੀਤਾ ਸੀ। ਉਸ ਪਰਉਪਕਾਰ ਨੂੰ ਸਿੱਖ ਪੰਥ ਕਦੇ ਭੁਲਾ ਨਹੀਂ ਸਕੇਗਾ।

Newsletter

Get our products/news earlier than others, let’s get in touch.