Loading...

‘ਨਰਿੰਦਰ ਬਾਠ’ ਤੇ ‘ਜੱਸੀ ਗਿੱਲ’ ਦਾ ਸੁਖਦ ‘ਸੁਨੇਹਾ’

Written By : Harmail Preet

Written By : Harmail Preet

‘ਨਰਿੰਦਰ ਬਾਠ’ ਤੇ ‘ਜੱਸੀ ਗਿੱਲ’ ਦਾ ਸੁਖਦ ‘ਸੁਨੇਹਾ’

ਪੰਜਾਬੀ ਗਾਇਕੀ ਅੰਦਰ ਪਿਛਲੇ ਕੁੱਝ ਅਰਸੇ ਤੋਂ ਨਾਂਹ ਪੱਖੀ ਰੁਝਾਨਾਤ ਤੇਜੀ ਨਾਲ ਵਧੇ ਹਨ। ਲੱਚਰਤਾ ਦੇ ਨਾਲ ਨਾਲ ਨਸ਼ਿਆਂ /ਹਥਿਆਰਾਂ ਦਾ ਗੁਣਗਾਣ ਕਰਦੇ ਗੀਤਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਕੁਰਾਹੇ ਪਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਹਨਾਂ ਗੀਤਾਂ ਨੂੰ ਸੁਣਿਆਂ ਇਹ ਮਹਿਸੂਸ ਹੁੰਦਾ ਹੈ ਕਿ ਜੇਕਰ ਨਸ਼ਾ ਪੱਤਾ ਨਾ ਕੀਤਾ, ਗੋਲੀਆ ਨਾ ਚਲਾਈਆਂ ਤਾਂ ਜਿਵੇਂ ਜੀਵਨ ਅਧੂਰਾ ਹੀ ਰਹਿ ਜਾਵੇਗਾ। ‘ਲੰਡਰਪੁਣਾ’ ਹੀ ਗੀਤਾਂ ਦੀ ਬਹੁਤਾਤ ਦਾ ਵਿਸ਼ਾ ਵਸਤੂ ਹੈ। ਹਾਲਾਂਕਿ ਕਾਫੀ ਚੰਗੇ ਗੀਤ ਵੀ ਨਾਲੋ-ਨਾਲ ਆ ਰਹੇ ਹਨ। ਕੁੱਝ ਸੁਹਿਰਦ ਗੀਤਕਾਰ ਤੇ ਗਾਇਕ ਆਪਣੀਆਂ ਸਮਾਜਿਕ ਜਿੰਮੇਂਵਾਰੀਆਂ ਨੂੰ ਨਿਭਾਅ ਰਹੇ ਹਨ। ਪਰ ਦੁੱਖ ਨਾਲ ਕਹਿਣਾ ਪੈ ਰਿਹੈ ਕਿ ਜ਼ਿਆਦਾ ਗਿਣਤੀ ਦੂਜੇ ਪਾਸੇ ਖੜ੍ਹਿਆਂ ਦੀ ਹੈ। ਚਰਚਾ ਹੁੰਦੀ ਹੈ ਤਾਂ ਕੁੱਝ ਲਿਖਣ, ਗਾਉਣ ਤੇ ਸੁਣਨ ਵਾਲੇ ਕਹਿੰਦੇ ਹਨ ਕਿ ਗੀਤਾਂ ਦਾ ਕੋਈ ਅਸਰ ਨਹੀਂ ਪੈਦਾ ਇਹ ਸਿਰਫ ਮਨੋਰੰਜਨ ਕਰਨ ਲਈ ਹੁੰਦੇ ਹਨ। ਪਰ ਇਸ ਦਲੀਲ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਜਿਹੜੀ ਚੀਜ਼ ਵਾਰ ਵਾਰ ਨਵੀਂ ਪੀੜ੍ਹੀ ਦੇ ਕੰਨਾਂ ਤੇ ਅੱਖਾਂ ਰਾਹੀਂ ਦਿਮਾਗ ਤੱਕ ਅੱਪੜੇਗੀ ਉਹ ਸੁਚੇਤ/ਅਚੇਤ ਰੂਪ ਵਿਚ ਆਪਣਾ ਅਸਰ ਕਰਦੀ ਹੈ। ਅੱਜ ਨੌਜਵਾਨਾਂ ਵਿਚ ਹਥਿਆਰਾਂ ਦਾ ਸ਼ੌਕ ਸਿਰ ਚੜ੍ਹ ਬੋਲ ਰਿਹੈ। ਪੰਜਾਬ ਵਿਚ ਕੋਈ ਸਾਢੇ ਚਾਰ ਲੱਖ ਅਸਲੇ ਦੇ ਲਾਇਸੰਸ ਹਨ। ਇੱਕ ਲਾਇਸੰਸ ਉੱਤੇ ਤਿੰਨ –ਤਿੰਨ ਹਥਿਆਰ ਰੱਖਣ ਦੀ ਖੁਲ੍ਹ ਹੈ, ਇਸ ਹਿਸਾਬ ਨਾਲ ਕੋਈ 11 ਲੱਖ ਦੇ ਕਰੀਬ ਹਥਿਆਰ ਪੰਜਾਬ ਵਿਚ ਹਨ। ਹਥਿਆਰਾਂ ਪ੍ਰਤੀ ਪੰਜਾਬੀ ਨੌਜਵਾਨੀ ਦੀ ਖਿੱਚ ਦੇ ਹੋਰ ਵੀ ਕਾਰਨ ਹੋਣਗੇ, ਪਰ ਅਜੋਕੀ ਗਾÎਇਕੀ ਤੇ ਫਿਲਮਾਂ ਦੀ ਭੂਮਿਕਾ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ। ਵਿਆਹਾਂ -ਸ਼ਾਦੀਆਂ ਦੇ ਸਮਾਗਮਾਂ ਵਿਚ ਨੌਜਵਾਨ ਠੂਹ-ਠਾਹ ਵਾਲੇ ਗੀਤਾਂ ਉੱਤੇ ਹਵਾ ਵਿਚ ਹਥਿਆਰ ਲਹਿਰਾਉਂਦੇ -ਗੋਲੀਆਂ ਚਲਾਉਂਦੇ ਜਾਨਾਂ ਨਾਲ ਖੇਡਦੇ ਹਨ। ਵਿਆਹਾਂ ਮੌਕੇ ਹੁੰਦੀ ਫਾਇਰਿੰਗ ਨੇ ਹੁਣ ਤੱਕ ਅਨੇਕਾਂ ਘਰ ਉਜਾੜ ਸੁੱਟੇ ਹਨ। ਇਨ੍ਹਾਂ ਦਾ ਸ਼ਿਕਾਰ ਵਿਆਹ ਵਾਲੇ ਮੁੰਡੇ ਤੋਂ ਲੈਕੇ ਪ੍ਰੋਗਰਾਮ ਵਿਚ ਹਾਜ਼ਰੀਨ ਦਾ ਮਨੋਰੰਜਨ ਕਰਨ ਵਾਲੇ ਕਲਾਕਾਰਾਂ ਤੱਕ ਸ਼ਾਮਲ ਹਨ। ਸਾਡਾ ਇਕ ਬਹੁਤ ਹੀ ਵਧੀਆ ਗਾÎਇਕ ਦਿਲਸ਼ਾਦ ਅਖ਼ਤਰ 1996 ਵਿਚ ਇੱਕ ਵਿਆਹ ਸਮਾਗਮ ਵਿਚ ਪੁਲਸ ਵਾਲੇ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ ਤੇ ਹਾਲ ਹੀ ਵਿਚ ਚਾਰ ਦਸੰਬਰ 2016 ਦੇ ਦਿਨ ਬਠਿੰਡੇ ਜ਼ਿਲ੍ਹੇ ਦੇ ਮੌੜ ਮੰਡੀ ਵਿਚ ਵਿਆਹ ਸਮਾਗਮ ਵਿਚ ਪ੍ਰੋਗਰਾਮ ਪੇਸ਼ ਕਰੀ ਕੁਲਵਿੰਦਰ ਕੌਰ ਨਾਂਅ ਦੀ ਡਾਂਸਰ ਮਾਰੀ ਗਈ।
ਕੁਲਵਿੰਦਰ ਦੀ ਮੌਤ ਤੋਂ ਬਾਅਦ ਵਿਆਹ ਸਮਾਗਮਾਂ ਵਿਚ ਹਥਿਆਰ ਲੈ ਜਾਣ ਤੇ ਗੋਲੀਆਂ ਚਲਾਉਣ ਦੇ ਰੁਝਾਨ ‘ਤੇ ਸ਼ੋਸ਼ਲ ਮੀਡੀਆ ਉੱਤੇ ਤਾਂ ਵਿਆਪਕ ਬਹਿਸ ਛਿੜੀ ਹੀ ਹੈ, ਪੰਜਾਬੀ ਦੇ ਸਿਰਕੱਢ ਅਖ਼ਬਾਰਾਂ ਨੇ ਇਸ ਬਾਰੇ ਅਦਾਰੀਏ ਲਿਖੇ ਹਨ। ਚਿੰਤਕਾਂ ਦੇ ਲੇਖ ਛਪੇ ਹਨ। ਇਨ੍ਹਾਂ ਸਾਰਿਆਂ ਦਾ ਅਧਿਐਨ ਕੀਤਿਆਂ ਹੋਰ ਕਾਰਨਾਂ ਦੇ ਨਾਲ – ਨਾਲ ਪੰਜਾਬੀ ਗੀਤਾਂ ਵਿਚਲੀ ਹਿੰਸਕ ਪ੍ਰਵਿਰਤੀ ਉਭਰਵਾਂ ਕਾਰਨ ਸਮਝੀ ਗਈ ਹੈ। ਨਿਰਸੰਦੇਹ ਅਜਿਹੇ ਗੀਤ ਸਮਾਜ ਨੂੰ ਗ਼ਲਤ ਦਿਸ਼ਾ ਦੇਣ ਵਿਚ ਬਰਾਬਰ ਦੇ ਦੋਸ਼ੀ ਹਨ। ਕੁੜੀਆਂ ਨਾਲ ਛੇੜਛਾੜ, ਕੁੜੀਆਂ ਨੂੰ ਚੁੱਕ ਕੇ ਲੈ ਜਾਣਾ, ਮੁੰਡਿਆਂ ਦੀ ਧੜੇਬੰਦੀ, ਗਂੈਗਵਾਰ ਇਹਨਾਂ ਗੀਤਾਂ ਨਾਲ ਹੋਰ ਉਤਸਾਹਿਤ ਹੁੰਦਾ ਹੈ।
ਕੁਲਵਿੰਦਰ ਕੌਰ ਦੀ ਮੌਤ ਤੋਂ ਬਾਅਦ ਆਏ ਵਿਆਪਕ ਪ੍ਰਤੀਕਰਮ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਦੋ ਨੌਜਵਾਨ ਕਲਾਕਾਰਾਂ ਨੇ ਇਹ ਅਹਿਸਾਸ ਕੀਤਾ ਕਿ ਹਿੰਸਕ ਗੀਤ ਵੀ ਅਜਿਹੀਆਂ ਘਟਨਾਵਾਂ ਲਈ ਜਿੰਮੇਂਵਾਰ ਹੈ। ਇੱਕ ਬੇਹੱਦ ਮਾੜੀ ਖ਼ਬਰ ਦੇ ਗਰਭ ਵਿਚੋਂ ਨਿੱਕਲੀ ਇੱਕ ਹਾਂ ਪੱਖੀ ਖ਼ਬਰ ਹੈ। ਲੈਂਸਰ ਗੀਤ ਦੇ ਗੀਤਕਾਰ ਨਰਿੰਦਰ ਬਾਠ ਤੇ ਗਾਇਕ ਜੱਸੀ ਗਿੱਲ ਨੇ ਇਸ ਸੱਚਾਈ ਨੂੰ ਤਸਲੀਮ ਕਰਨ ਦੀ ਹਿੰਮਤ ਤੇ ਸੁਹਿਰਦਤਾ ਦਿਖਾਈ ਹੈ। ਨਰਿੰਦਰ ਬਾਠ ਨੇ ਲੈਂਸਰ ਦੇ ਨਾਲ ਨਾਲ ਲੱਕੜੀ ਦਾ ਫੋਰਡ, ਦਿੱਲੀ ਤੇ ਪੰਜਾਬ ਵਰਗੇ ਚੰਗੇ ਗੀਤ ਵੀ ਦਿੱਤੇ ਹਨ। ਰੌਸ਼ਨ ਪ੍ਰਿੰਸ ਦੀ ਅਵਾਜ਼ ਵਿਚ ਲੱਕੜੀ ਦਾ ਫੋਰਡ ਤੇ ਦਿੱਲੀ ਤੇ ਪੰਜਾਬ ਗੀਤ ਸੁਣਕੇ ਨਰਿੰਦਰ ਬਾਠ ਦੀ ਗੀਤਕਾਰੀ ਬਾਰੇ ਚੰਗੀ ਰਾਇ ਬਣੀ ਸੀ। ਜਾਪਦਾ ਸੀ ਉਸ ਕੋਲ ਚੰਗੀ ਸ਼ਬਦਾਵਲੀ ਤੇ ਨਵੀਆਂ ਨਕੋਰ ਤਸ਼ਬੀਹਾਂ ਹਨ। ਪਰ ਛੇਤੀ ਹੀ ਉਹਦੇ ਗੀਤਾਂ ਵਿਚ ਹਥਿਕਾਰ ਖੜਕਾ ਦੜਕਾ ਹੋਣ ਲੱਗ ਪਿਆ। ਉਹਦੀ ਕਲਮ ਦੀ ਨੋਕੇ ਨੇ ‘ਲੋਕੀ ਕਹਿੰਦੇ ਤੇਰੇ ਵਿਚ ਮੈਂ ਬੋਲਦਾ, ਮੇਰੇ ਵਿਚ ਬੋਲੇ 32 ਬੋਰ ਦਾ’,’ ਭਾਵੇਂ ਰੱਖਲੀਂ ਗੁਲਾਬ ਚਾਹੇ ਮੋੜ ਦੀਂ, ਇੱਕ ਵਾਰ ਤਾਂ ਹਵਾਈ ਫਾਇਰ ਹੋਣਗੇ’,’ ਕਿਰਪਾਨਾਂ’ ਅੱਜ ਕਾਲਜ ‘ਚ ਹਾਕੀ ਚੱਲੂ’ ਆਦਿ ਹੋ ਗਏ। ਮੌੜ ਮੰਡੀ ਵਾਲੀ ਘਟਨਾ ਤੋਂ ਬਾਅਦ ਨਰਿੰਦਰ ਬਾਠ ਨੇ ਆਪਣੇ ਫੇਸਬੁੱਕ ਪੇਜ਼ ਉੱਪਰ ਇਹ ਤਸਲੀਮ ਕੀਤਾ ਕਿ ਹਿੰਸਕ ਗੀਤ ਅਜਿਹੀਆਂ ਘਟਨਾਵਾਂ ਲਈ ਜਿੰਮੇਂਵਾਰ ਹਨ। ਤੇ ਉਸ ਨੇ ਭਵਿੱਖ ਵਿਚ ਅਜਿਹੇ ਗੀਤ ਨਾ ਲਿਖਣ ਦਾ ਅਹਿਦ ਕੀਤਾ ਹੈ।
ਨਰਿੰਦਰ ਬਾਠ ਦੇ ਸ਼ਬਦ ਹਨ, ‘ਦੋਸਤੋ ਮੌੜ ਮੰਡੀ ਵਿਖੇ ਵਿਆਹਦੇ ਪ੍ਰੋਗਰਾਮ ਦੌਰਾਨ ਜੋ ਹਾਦਸਾ ਹੋਇਆ ਉਸਦਾ ਸਾਰੇ ਮਨੁੱਖੀ ਭਾਈਚਾਰੇ ਸਮੇਤ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ…… ਇਸ ਸ਼ਰਮਨਾਕ ਘਟਨਾ ਦੇ ਜ਼ਿੰਮੇਂਵਾਰ ਕਿਤੇ ਨਾ ਕਿਤੇ ਸਾਡੇ ਲਿਖੇ ਹਿੰਸਕ ਗੀਤ ਵੀ ਨੇ। ਮੈਂ ਅਪਣੀ ਸੁੱਤੀ ਜ਼ਮੀਰ ਨੂੰ ਅਕਸਰ ਇਹ ਲਾਰਾ ਲਾਉਂਦਾ ਸੀ ਕਿ ਮੈਂ ਅਪਣੇ ਗੀਤਾਂ ਵਿਚ ਲੱਚਰਤਾ ਜਾਂ ਦੋਗਲੀ ਸ਼ਬਦਾਵਲੀ ਨਹੀਂ ਵਰਤਦਾ, ਨਸ਼ਾ ਪ੍ਰਮੋਟ ਨਹੀਂ ਕਰਦਾ ਤੇ ਲੈਂਸਰ, ਲੱਕੜੀ ਦਾ ਫੋਰਡ, ਰੇਲਗੱਡੀ, ਜ਼ੈੱਡ ਸਕਿਉਰਟੀ, ਤਖ਼ਤਪੋਸ਼, ਦਿੱਲੀ ਤੇ ਪੰਜਬ ਵਰਗੇ ਗੀਤ ਲਿਖਣ ਦਾ ਮਾਣ ਮਹਿਸੂਸ ਕਰਦਾ ਸੀ ਪਰ ਹਥਿਆਰਾਂ, ਬੰਦੂਕਾਂ, 32 ਬੋਰਾਂ ਦੀ ਗੱਲ ਵੀ ਕਿਸੇ ਲੱਚਰਤਾ ਤੋਂ ਘੱਟ ਨਹੀਂ। ਇੱਥੇ ਮੈਂ ਕਸੂਰਵਾਰ ਗਾਇਕ ਜਾਂ ਵੀਡੀਓ ਡਾਇਰੈਕਟਰ ਨੂੰ ਨਹੀਂ ਬਲਕਿ ਖੁਦ ਨੂੰ ਮੰਨਦਾ ਹਾਂ। ਮੈਂ ਅੱਜ ਆਪ ਸਭ ਨਾਲ ਵਾਅਦਾ ਕਰਦਾ ਹਾਂ ਕਿ ਜੋ ਗੀਤ ਮੈਂ ਅੱਜ ਤੋਂ ਬਾਅਦ ਲਿਖੂੰਗਾ ਉਸ ਵਿਚ ਕੋਈ ਹਥਿਆਰਾਂ ਨੂੰ ਹੱਲਾਸ਼ੇਰੀ ਨਹੀਂ ਦਿੱਤੀ ਜਾਵੇਗੀ। ਕੁੱਝ ਗੀਤ ਲਾਈਨਅੱਪ ਨੇ ਇਸ ਤਰ੍ਹਾਂ ਦੇ, ਜਿੰਨ੍ਹਾਂ ਦੀ ਵੀਡੀਓ ਬਣ ਚੁੱਕੀ ਹੈ, ਉਸ ਲਈ ਮੁਆਫ਼ੀ ਚਾਹੁੰਦਾ ਹਾਂ। ਭਵਿੱਖ ਵਿਚ ਜੇ ਮੇਰੇ ਫੈਸਲੇ ਦੀਵਜ੍ਹਾ ਨਾਲ ਜੇਕਰ ਮੈਨੂੰ ਪ੍ਰੋਫੈਸ਼ਨ ਛੱਡਣਾ ਪਵੇ ਤਾਂ ਮੈਨੂੰ ਕੋਈ ਅਫ਼ਸੋਸ ਨਹੀਂ। ਤੇ ਅਪੀਲ ਕਰਦਾਂ ਕਿ ਮਿਊਜ਼ਿਕ ਡਾਇਰੈਕਟਰ ਵੀਡੀਓ ਡਾਇਰੈਕਟ, ਮੇਰਾ ਸਾਰਾ ਗਾਇਕ ਭਾਈਚਾਰਾ ਇਸ ਕੌੜੇ ਸੱਚ ਨੂੰ ਸਕੂਲ ਕਰਕੇ ਇਸ ਤਰ੍ਹਾਂ ਦੇ ਗੀਤਾਂ ਤੋਂ ਪਰਹੇਜ਼ ਕਰੇ।’ ਨਰਿੰਦਰ ਬਾਠ ਨੇ ਅੱਗੇ ਕਿਹਾ ਹੈ ਕਿ ਮੌੜਮੰਡੀ ਵਾਲੀ ਘਟਨਾ ਲਈ ਖੁਦ ਨੂੰ ਜਿੰਮੇਂਵਾਰ ਮੰਨਦਾ ਹੈ। ਉਸ ਨੇ ਇਸ ਸਾਲ ਗੀਤਾਂ ਤੋਂ ਹੋਣ ਵਾਲੀ ਕਮਾਈ ਦਾ ਅੱਧਾ ਹਿੱਸਾ ਪੀੜਤ ਪਰਵਾਰ ਨੂੰ ਦੇਣ ਦੀ ਵਚਨਬੱਧਤਾ ਵੀ ਪ੍ਰਗਟਾਈ ਹੈ।
ਉਮੀਦ ਕਰਦੇ ਹਾਂ ਕਿ ਨਰਿੰਦਰ ਬਾਠ ਆਪਣੇ ਇਸ ਫੈਸਲੇ ਉਤੇ ਅਡੋਲ ਰਹੇਗਾ। ਉਸ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਚੰਗੇ ਸੋਹਣੀ ਸ਼ਬਦਾਵਾਲੀ ਵਾਲੇ ਗੀਤ ਵੀ ਸੁਣੇ ਤੇ ਪਿਆਰੇ ਜਾਂਦੇ ਹਨ। ਸਗੋਂ ਅਜਿਹੇ ਗੀਤ ਜ਼ਿਆਦਾ ਲੰਮਾਂ ਸਮਾਂ ਜਿਉਂਦੇ ਹਨ। ਇਸੇ ਤਰ੍ਹਾਂ ਹੀ ਲੈਂਸਰ ਵਾਲੇ ਗਾਇਕ ਜੱਸੀ ਗਿੱਲ ਨੇ ਵੀ ਅਜਿਹੇ ਗੀਤਾਂ ਤੋਂ ਤੌਬਾ ਕੀਤੀ ਹੈ। ਆਪਣੇ ਫੇਸਬੁੱਕ ਵਾਲੇ ਪੇਜ ‘ਤੇ ਨਰਿੰਦਰ ਬਾਠ ਦਾ ਸਟੇਟਸ ਸ਼ੇਅਰ ਕਰਦਿਆਂ ਜੱਸੀ ਨੇ ਲਿਖਿਆ ਹੈ ਕਿ ਉਹ ਵੀ ਭਵਿੱਖ ਵਿਚ ਅਜਿਹੇ ਗੀਤ ਨਾ ਗਾਉਣ ਦਾ ਅਹਿਦ ਕਰਦਾ ਹੈ। ਉਸ ਨੇ ਇਹ ਵੀ ਕਿਹਾ ਹੈ ਕਿ Àਸ ਦੇ ਫੇਸਬੁੱਕ ਪੇਜ਼ ‘ਤੇ ਭਵਿੱਖ ਵਿਚ ਕਿਸੇ ਵੀ ਗਾਇਕ ਦਾ ਅਜਿਹਾ ਕੋਈ ਗੀਤ ਪ੍ਰਮੋਟ ਵੀ ਨਹੀਂ ਕੀਤਾ ਜਾਵੇਗਾ। ਬਾਠ ਤੇ ਜੱਸੀ ਨੇ ਅਜਿਹਾ ਫੈਸਲਾ ਕਰਕੇ ਆਪਣਾ ‘ਕੱਦ’ ਆਪਣੇ ਭਾਈਚਾਰੇ ਵਿਚੋਂ ਉੱਚਾ ਕਰ ਲਿਆ ਹੈ। ਹਾਲਾਂਕਿ ਇਸ ਫੈਸਲੇ ‘ਤੇ ਕਾਇਮ ਰਹਿਣਾ ਪਰਖ ਦੀ ਘੜੀ ਹੋਵੇਗਾ। ਇਥੇ ਬੜੀ ਤਿਲਕਣਬਾਜ਼ੀ ਹੈ। ਪਤਾ ਨਹੀਂ ਚੰਗਾ ਲਿਖਦਾ ਲਿਖਦਾ ਕੌਣ ਕਦੋਂ ਕੀ ਲਿਖ ਮਾਰੇ ਤੇ ਕੌਣ ਕੀ ਜਾਕੇ ਪ੍ਰੋਫ਼ੈਸ਼ਨਲ ਮਜ਼ਬੂਰੀ ਦੱਸਕੇ ਪੱਲਾ ਝਾੜ ਦੇਵੇ। ਪਰ ਕਿਉਂਕਿ ਇਨ੍ਹਾਂ ਦੋਹਾਂ ਨੇ ਇਹ ‘ਅਹਿਦ’ ਆਪਣੀ ਮਰਜ਼ੀ ਨਾਲ ਕੀਤਾ ਹੈ ਇਸ ਲਈ ਉਮੀਦ ਹੈ ਕੀਤੇ ਵਾਅਦੇ ਨੂੰ ਨਿਭਾਉਣਗੇ ਤੇ ਹੋਰ ਵੀ ਉਨ੍ਹਾਂ ਦੇ ਰਾਹ ਤੁਰਨਗੇ। ਸਿਆਣੇ ਕਹਿੰਦੇ ਹਨ ਕਿ ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਪਰਤ ਆਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ। ਸਾਡਾ ਵੀ ਫਰਜ਼ ਹੈ ਕਿ ਅਸੀਂ ਇਨ੍ਹਾਂ ਦੋਹਾਂ ਦੇ ਇਸ ਫੈਸਲੇ ਦਾ ਦਿਲੋਂ ਸਵਾਗਤ ਕਰੀਏ। ਜੇਕਰ ਕੁਝ ਹੋਰ ਗੀਤਕਾਰ ਤੇ ਗਾਇਕ ਇਸੇ ਤਰ੍ਹਾਂ ਆਪਣੀ ਸਮਾਜਿਕ ਜਿੰਮੇਂਵਾਰੀ ਨੂੰ ਸਮਝਦੇ ਹਨ ਤਾਂ ਕੁਲਵਿੰਦਰ ਦੀ ਮੌਤ ਅਜਾਈਂ ਨਹੀਂ ਜਾਵੇਗੀ। ਆਓ ਰਲਕੇ ਇੱਕ ਅਮਨ-ਪਸੰਦ, ਬਿਹਤਰ ਸਮਾਜ ਦੀ ਸਿਰਜਣਾ ਵੱਲ ਵਧੀਏ।

narinder-batth

Newsletter

Get our products/news earlier than others, let’s get in touch.