Loading...

ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਸੂਬੇ ਦੇ ਵਿਕਾਸ ਨੂੰ ਬੁਲੰਦੀਆਂ ‘ਤੇ ਪਹੁੰਚਾਇਆ – ਬਾਦਲ

ਲੋਕਾਂ ਨੂੰ ਸਿਆਸੀ ਫੈਸਲਾ ਲੈਂਦੇ ਹੋਏ ਆਪਣੇ ਹਿੱਤਾਂ ਨੂੰ ਧਿਆਨ ‘ਚ ਰੱਖਣ ਦੀ ਅਪੀਲ

ਪਾਤੜਾਂ (ਪੀ ਐਨ ਟੀ ਬਿੳਰੋ) : ਅੱਜ ਸ਼ਤਰਾਣਾ ਵਿਧਾਨ ਸਭਾ ਹਲਕੇ ਵਿੱਚ ਵੱਖ ਵੱਖ ਥਾਈਂ ਸੰਗਤ ਦਰਸ਼ਨ ਦੌਰਾਨ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੂੰ ਆਪਣੇ ਵੋਟ ਦਾ ਅਧਿਕਾਰ ਸੂਝ ਬੂਝ ਨਾਲ ਕਰਨ ਦੀ ਅਪੀਲ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਮੁੱਖ ਮੁਕਾਬਲਾ ਵਿਕਾਸਵਾਦੀਆਂ ਅਤੇ ਵਿਨਾਸ਼ਕਾਰੀਆਂ ਵਿੱਚਕਾਰ ਹੋਵੇਗਾ ਅਤੇ ਲੋਕਾਂ ਨੂੰ ਸੂਬੇ ਦੇ ਹੱਕਾਂ, ਹਿੱਤਾਂ ਦੀ ਰਾਖੀ ਲਈ ਚਟਾਨ ਵਾਂਗ ਖੜ੍ਹਨ ਵਾਲੇ ਅਕਾਲੀ-ਭਾਜਪਾ ਗਠਜੋੜ ਅਤੇ ਸੂਬੇ ਨੂੰ ਤਬਾਹ ਕਰਨ ਦੀ ਤਾਕ ਵਿੱਚ ਲੱਗੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਪਵੇਗੀ। ਇਸ ਦੇ ਨਾਲ ਹੀ ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਸੂਬੇ ਦੇ ਸਮਝਦਾਰ ਲੋਕ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਮੱਦੇਨਜ਼ਰ ਇਨ੍ਹਾਂ ਫੁੱਟਪਾਊ ਅਤੇ ਢਾਹੂ ਰੁਚੀਆਂ ਵਾਲੀਆਂ ਧਿਰਾਂ ਨੂੰ ਮੂੰਹ ਨਹੀਂ ਲਾਉਣਗੇ ਅਤੇ ਆਪਣੇ ਪੂਰੀ ਤਰ੍ਹਾਂ ਅਜ਼ਮਾਏ ਹੋਏ ਅਕਾਲੀ-ਭਾਜਪਾ ਗਠਜੋੜ ਨੂੰ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਲਿਆਉਣਗੇ।

ਮੁੱਖ ਮੰਤਰੀ ਨੇ ਅੱਜ ਸ਼ਤਰਾਣਾ ਅਤੇ ਪਾਤੜਾਂ ਵਿਖੇ ਪੰਚਾਇਤਾਂ ਨੂੰ ਵਿਕਾਸ ਲਈ ਗ੍ਰਾਂਟ ਤਕਸੀਮ ਕੀਤੀਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਅਨਾਜ ਮੰਡੀ ਸ਼ੁਤਰਾਣਾ, ਪਾਤੜਾਂ ਅਤੇ ਕਕਰਾਲਾ ਵਿਖੇ ਸੰਗਤ ਦਰਸ਼ਨਾਂ ਦੌਰਾਨ ਹਲਕਾ ਸ਼ੁਤਰਾਣਾ ਦੀਆਂ 145 ਪੰਚਾਇਤਾਂ, ਨਗਰ ਕੌਂਸਲ ਪਾਤੜਾਂ ਅਤੇ ਨਗਰ ਕੌਂਸਲ ਘੱਗਾ ਨੂੰ 10 ਕਰੋੜ ਦੀਆਂ ਗਰਾਂਟਾਂ ਵੰਡੀਆਂ। ਜਿਹਨਾਂ ਵਿੱਚੋਂ 7 ਕਰੋੜ ਪੇਂਡੂ, 2 ਕਰੋੜ ਪਾਤੜਾਂ ਅਤੇ 1 ਕਰੋੜ ਘੱਗਾ ਨੂੰ ਦਿੱਤੇ ਗਏ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ. ਐਸ ਕਰੁਣਾ ਰਾਜੂ ਵੀ ਹਾਜ਼ਰ ਸਨ।

ਇਸ ਮੌਕੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ, ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ, ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ: ਮਹਿੰਦਰ ਸਿੰਘ ਲਾਲਵਾ, ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ: ਰਣਧੀਰ ਸਿੰਘ ਰੱਖੜਾ, ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਅਤੇ ਐਸ.ਜੀ.ਪੀ.ਸੀ. ਦੇ ਕਾਰਜਕਾਰੀ ਮੈਂਬਰ ਸ: ਨਿਰਮਲ ਸਿੰਘ ਹਰਿਆਊ, ਸਮਾਲ ਸਕੇਲ ਇੰਡਸਟਰੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕੁਮਾਰ ਕੁੱਕੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

parkash-singh-badal

Newsletter

Get our products/news earlier than others, let’s get in touch.