Loading...

ਹੌਲਦਾਰੀ ਦੀ ਵਰਦੀ ਫਾੜ ਕੇ ਨਿਰਵਸਤਰ ਘੁਮਾਉਣ ਵਾਲਾ ਅਕਾਲੀ ਸਰਪੰਚ ਗ੍ਰਿਫ਼ਤਾਰ

ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਭੰਨੀ ਸਰਪੰਚ ਦੀ ਨਵੀਂ ਵਰਾਨਾ ਗੱਡੀ।

ਬਠਿੰਡਾ : ਪੰਜਾਬ ਪੁਲਿਸ ਦੇ ਹੌਲਦਾਰ ਦੀ ਕੁੱਟਮਾਰ ਕਰਨ ਅਤੇ ਉਸ ਤੋਂ ਬਾਅਦ ਵਰਦੀ ਨੂੰ ਲੀਰੋਂ ਲੀਰ ਕਰਨ ਵਾਲੇ ਅਕਾਲੀ ਸਰਪੰਚ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਯਾਦ ਰਹੇ ਕਿ ਪੰਜਾਬ ਪੁਲਿਸ ਦੇ ਹੌਲਦਾਰ ਮਲਕੀਤ ਸਿੰਘ ਨੂੰ ਡਿਊਟੀ ਦੌਰਾਨ ਪਿੰਡ ਵਿਰਕ ਕਲਾਂ ਦੇ ਸਰਪੰਚ ਜਗਦੇਵ ਸਿੰਘ ਅਤੇ ਉਸ ਦੇ ਸੀਰੀ ਨੇ ਕੁੱਟ ਮਾਰ ਕੀਤੀ ਸੀ। ਇੱਥੇ ਬੱਸ ਨੇ ਸਰਪੰਚ ਨੇ ਹੌਲਦਾਰ ਦੀ ਵਰਦੀ ਫਾੜ ਦਿੱਤੀ ਅਤੇ ਉਸ ਨੂੰ ਨਿਰਵਸਤਰ ਕਰ ਕੇ ਪੂਰੇ ਪਿੰਡ ਵਿੱਚ ਘੁਮਾਇਆ।
ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਆਖ਼ਰਕਾਰ ਪੁਲਿਸ ਨੇ ਸਰਪੰਚ ਨੂੰ ਬੀਤੀ ਰਾਤ ਗ੍ਰਿਫ਼ਤਾਰ ਕਰ ਲਿਆ। ਕੁੱਟਮਾਰ ਵਿੱਚ ਸ਼ਾਮਲ ਸਰਪੰਚ ਦਾ ਲੜਕਾ ਅਤੇ ਸੀਰੀ ਫ਼ਿਲਹਾਲ ਫ਼ਰਾਰ ਹੈ। ਥਾਣਾ ਸਦਰ ਬਠਿੰਡਾ ਦੀ ਪੁਲੀਸ ਨੇ ਐਫਆਈਆਰ ਨੰਬਰ 99 ਤਹਿਤ ਅਕਾਲੀ ਸਰਪੰਚ ਜਗਦੇਵ ਸਿੰਘ, ਉਸ ਦੇ ਲੜਕੇ ਲਖਵਿੰਦਰ ਸਿੰਘ ਅਤੇ ਸੀਰੀ ਬੋਘੜ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ।
  ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮੀਂ ਲਖਵਿੰਦਰ ਸਿੰਘ ਅਤੇ ਉਸ ਦੇ ਸੀਰੀ ਬੋਘੜ ਸਿੰਘ ਨੇ ਗਸ਼ਤ ਕਰ ਰਹੇ ਹੌਲਦਾਰ ਮਲਕੀਤ ਸਿੰਘ ਤੇ ਹੋਮਗਾਰਡ ਜਵਾਨ ਰਾਜਿੰਦਰ ਸਿੰਘ ਨੂੰ ਮਾਮੂਲੀ ਤਕਰਾਰ ਮਗਰੋਂ ਘੇਰ ਲਿਆ ਸੀ। ਹੋਮਗਾਰਡ ਜਵਾਨ ਭੱਜਣ ਵਿੱਚ ਸਫਲ ਹੋ ਗਿਆ ਸੀ, ਜਦੋਂ ਕਿ ਹੌਲਦਾਰ ਮਲਕੀਤ ਸਿੰਘ ਦੀ ਕੁੱਟਮਾਰ ਮਗਰੋਂ ਟਰਾਲੀ ਵਿੱਚ ਬਿਠਾ ਕੇ ਪਿੰਡ ਵਿੱਚ ਘੁਮਾਇਆ ਸੀ।
  ਹੌਲਦਾਰ ਮਨਜੀਤ ਸਿੰਘ ਫ਼ਿਲਹਾਲ ਸਿਵਲ ਹਸਪਤਾਲ ਬਠਿੰਡਾ ਵਿੱਚ ਦਾਖ਼ਲ ਕਰਾਇਆ ਗਿਆ ਹੈ। ਪੁਲੀਸ ਚੌਕੀ ਬੱਲੂਆਣਾ ਵਿੱਚ ਤਾਇਨਾਤ ਹੌਲਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਨੇ ਦੋ ਮਹੀਨੇ ਪਹਿਲਾਂ ਲਖਵਿੰਦਰ ਲੱਖਾ ਨੂੰ ਕੁੱਟਮਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਿਸ ਦੀ ਉਹ ਰੰਜਸ਼ ਰੱਖ ਰਿਹਾ ਸੀ। ਸ਼ੁੱਕਰਵਾਰ ਨੂੰ ਜਦੋਂ ਉਹ ਹਵਾਈ ਅੱਡੇ ਦੇ ਉਦਘਾਟਨ ਦੀ ਵੀਆਈਪੀ ਡਿਊਟੀ ਦੌਰਾਨ ਪਿੰਡ ਵਿੱਚ ਗਸ਼ਤ ਕਰ ਰਿਹਾ ਸੀ ਤਾਂ ਲੱਖੇ ਤੇ ਉਸ ਦੇ ਸੀਰੀ ਨੇ ਵਰਦੀ ਪਾੜ ਦਿੱਤੀ ਅਤੇ ਨੰਗਾ ਕਰ ਕੇ ਟਰਾਲੀ ਵਿੱਚ ਬਿਠਾ ਕੇ ਪਿੰਡ ਵਿੱਚੋਂ ਦੀ ਘਰ ਲੈ ਗਿਆ, ਜਿੱਥੇ ਉਹ ਬੇਹੋਸ਼ ਹੋ ਗਿਆ। ਅਕਾਲੀ ਸਰਪੰਚ ਨੇ ਵੀ ਉਸ ਦੀ ਕੁੱਟਮਾਰ ਕੀਤੀ।
ਦੂਜੇ ਪਾਸੇ ਬਠਿੰਡਾ ਦੇ ਐਸਐਸਪੀ ਸਵੱਪਨ ਸ਼ਰਮਾ ਦਾ ਕਹਿਣਾ ਹੈ ਕਿ ਸਰਪੰਚ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਤੇ ਉਸ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਲੈ ਲਿਆ ਗਿਆ ਹੈ। ਜਦੋਂ ਕਿ ਬਾਕੀ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਰਾਜਸਥਾਨ ਭੇਜੀਆਂ ਗਈਆਂ ਹਨ। ਦੂਜੇ ਪਾਸੇ ਸਰਪੰਚ ਨੇ ਦੋਸ਼ ਲਗਾਇਆ ਹੈ ਕਿ ਮਲਕੀਤ ਸਿੰਘ ਦੇ ਸਾਥੀ ਪੁਲੀਸ ਮੁਲਾਜ਼ਮਾਂ ਨੇ ਗ਼ੁੱਸੇ ਵਿੱਚ ਸਰਪੰਚ ਦੇ ਘਰ ਖੜ੍ਹੀ ਨਵੀਂ ਵਰਨਾ ਗੱਡੀ ਭੰਨ ਦਿੱਤੀ।

Newsletter

Get our products/news earlier than others, let’s get in touch.