17 ਦਸੰਬਰ ਪੰਜਾਬ ਭਰ ‘ਚ ਰੇਲਾਂ ਜਾਮ ਕਰਨ ਦਾ ਫੈਸਲਾ
- Agriculture
- admin
- December 1st, 2016
ਚੰਡੀਗੜ੍ਹ : ਪੰਜਾਬ ਦੀਆਂ 13 ਸੰਘਰਸ਼ਸ਼ੀਲ ਮਜ਼ਦੂਰ-ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਮਸਲਿਆਂ ਨੂੰ ਲੈ ਕੇ 17 ਦਸੰਬਰ ਨੂੰ ਦੁਪਹਿਰੇ 12 ਵਜੇ ਤੋਂ 4 ਵਜੇ ਤੱਕ ਪੰਜਾਬ ਭਰ ‘ਚ ਰੇਲਾਂ ਜਾਮ ਕਰਨ ਦਾ ਫੈਸਲਾ ਕੀਤਾ ਗਿਆ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪ੍ਰਧਾਨ ਗੁਰਮੁਖ ਸਿੰਘ ਨੇ ਦੱਸਿਆ ਕਿ ਸੱਤ ਕਿਸਾਨ ਜਥੇਬੰਦੀਆਂ ਅਤੇ ਛੇ ਪੇਂਡੂ/ਖੇਤ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਦਾਤਾਰ ਸਿੰਘ ਦੀ ਪ੍ਰਧਾਨਗੀ ਹੇਠਾਂ ਬੀਤੇ ਦਿਨ ਦੇਰ ਸ਼ਾਮ ਤੱਕ ਚੱਲੀ ਜਿਸ ਵਿੱਚ ਇਸ ਫੈਸਲੇ ਸਮੇਤ ਕਈ ਅਹਿਮ ਫੈਸਲੇ ਕੀਤੇ ਗਏ। ਇੱਕ ਫੈਸਲੇ ਰਾਹੀਂ ਕਰਜ਼ੇ ਮੋੜਨ ਤੋਂ ਅਸਮਰੱਥ ਮਜ਼ਦੂਰਾਂ-ਕਿਸਾਨਾਂ ਦੀ ਮੁਕੰਮਲ ਕਰਜ਼ਾ-ਮੁਕਤੀ ਸਬੰਧੀ ਮੁੱਖ ਮੰਗਾਂ ਦੇ ਨਾਲ ਹੀ ਜਲੂਰ ਜਬਰ ਵਿਰੋਧੀ ਮੰਗਾਂ ਰੱਖੀਆਂ ਗਈਆਂ। ਜਥੇਬੰਦੀ ਵੱਲੋਂ ਨੋਟਬੰਦੀ ਨੂੰ ਆਮ ਲੋਕਾਂ ਦੀ ਜਾਨ ਸੂਲੀ ‘ਤੇ ਟੰਗਣ ਵਾਲਾ ਫੈਸਲਾ ਦੱਸਦਿਆਂ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਗਈ ਅਤੇ ਫੈਸਲਾ ਰੱਦ ਕਰਨ ਦੀ ਮੰਗ ਕੀਤੀ ਗਈ।